Homepage

ਸਿੱਧੀ ਜਮਹੂਰੀਅਤ ਬਾਰੇ ਚਰਚਾ ਤੇਜ਼

ਸਿੱਧੀ ਜਮਹੂਰੀਅਤ ਬਾਰੇ ਚਰਚਾ ਤੇਜ਼

ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਸਰਕਾਰ ਬਣਨ ਨਾਲ ਸਿੱਧੀ ਜਮਹੂਰੀਅਤ ਬਾਰੇ ਵਿਚਾਰ ਵਟਾਂਦਰਾ ਅਤੇ ਬਹਿਸ ਵੀ ਤੇਜ਼ ਹੋ ਗਈ ਹੈ। ਟੀ਼ ਵੀ਼ ਚੈਨਲਾਂ ਅਤੇ ਮੀਡੀਆ ਵਿਚ ਇਹ ਚਰਚਾ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿਚ ਹੋ ਰਹੀ ਹੈ। ਲੋਕਾਂ ਵਿਚ ਵੀ ਇਹ ਚਰਚਾ ਵੱਧ ਰਹੀ ਹੈ ਤੇ ਲੋਕ ਬੁਨਿਆਦੀ ਸੁਆਲ ਪੁੱਛ ਰਹੇ ਹਨ ਕਿ ਇਸ ਦੇਸ਼ ਦਾ ਮਾਲਕ ਕੌਣ ਹੈ? ਲੋਕ, ਕਿ ਕੋਈ ਹੋਰ? ਲੋਕ ਸੁਆਲ ਉਠਾ ਰਹੇ ਹਨ ਕਿ ਮੌਜੂਦਾ ਲਿਬਰਲ ਡੈਮੋਕਰੇਸੀ ਲੋਕਾਂ ਦੇ ਹੱਕਾਂ ਤੇ ਸੱਟ ਮਾਰ ਰਹੀ ਹੈ। ਹੁਣ ਚਰਚਾ ਛਿੜ ਪਈ ਹੈ ਕਿ ਇਹਦਾ ਮੁਤਬਾਦਲ ਸਿੱਧੀ ਜਮਹੂਰੀਅਤ ਕਿਸ ਤਰ੍ਹਾਂ ਅਮਲ ਵਿਚ ਲਿਆਂਦੀ ਜਾ ਸਕਦੀ ਹੈ।

ਨੁਮਾਇੰਦਾ ਤਰਜ਼ ਦੀ ਮੌਜੂਦਾ ਜਮਹੂਰੀਅਤ ਤੋਂ ਆਮ ਲੋਕ ਦੁਖੀ ਹਨ ਅਤੇ ਅੱਕ ਚੁੱਕੇ ਹਨ। ਹਿੰਦੁਸਤਾਨ ਵਿਚ ਹੀ ਨਹੀਂ ਬਲਕਿ ਦੁਨੀਆ ਦੇ ਬਹੁਤੇ ਮੁਲਕਾਂ ਵਿਚ ਲੋਕ ਇਸ ਦਾ ਮੁਤਬਾਦਲ ਲੱਭ ਰਹੇ ਹਨ। ਲਿਬਰਲ ਡੈਮੋਕਰੇਸੀ ਵਿਚ ਲੋਕਾਂ ਨੂੰ ਸਿਰਫ਼ ਵੋਟ ਪਾਉਣ ਵਾਲਾ ਇੱਕ ਇੱਜੜ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਸਮਾਜ ਅਤੇ ਦੇਸ਼ ਦੇ ਫ਼ੈਸਲਿਆਂ ਵਿਚ ਕੋਈ ਹਿੱਸਾ ਨਹੀਂ ਹੁੰਦਾ। ਇਹ ਦਲੀਲ ਦਿੱਤੀ ਜਾਂਦੀ ਹੈ ਕਿ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਹਨ ਜਿਸ ਨਾਲ ਜਿੱਤੀ ਹੋਈ ਧਿਰ ਨੂੰ ਪੰਜ ਸਾਲ ਮਨਮਰਜ਼ੀ ਨਾਲ ਰਾਜ ਕਰਨ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਅਗਲੀਆਂ ਚੋਣਾਂ ਤੱਕ ਕਿਸੇ ਵੀ ਫ਼ੈਸਲੇ ਵਿਚ ਵੋਟਰਾਂ ਦੀ ਰਾਏ ਜਾਣਨ ਦੀ ਕੋਈ ਲੋੜ ਨਹੀਂ। ਚੁਣੇ ਹੋਏ ਨੁਮਾਇੰਦੇ ਚਾਹੇ ਜੋ ਮਰਜ਼ੀ ਕਰਨ ਉਨ੍ਹਾਂ ਉੱਤੇ ਲੋਕਾਂ ਦਾ ਕੋਈ ਕੰਟਰੋਲ ਨਹੀਂ ਹੋ ਸਕਦਾ। ਅਸਲੀਅਤ ਇਹ ਹੈ ਕਿ ਲਿਬਰਲ ਡੈਮੋਕਰੇਸੀ ਵਿਚ ਚੋਣਾਂ ਦੀ ਵਰਤੋਂ ਲੋਕਾਂ ਦੇ ਹੱਥ ਵੱਢਣ ਲਈ ਕੀਤੀ ਜਾਂਦੀ ਹੈ। ਚੋਣਾਂ ਦੇ ਬਾਅਦ ਲੋਕ ਬਿਲਕੁਲ ਬੇਜ਼ਾਰ ਹੋ ਜਾਂਦੇ ਹਨ ਅਤੇ ਉਹ ਕੁੱਝ ਵੀ ਨਹੀਂ ਕਰ ਸਕਦੇ।

ਪਰ ਹਾਕਮ ਟੋਲੇ ਨੂੰ ਇਹ ਪ੍ਰਣਾਲੀ ਬਹੁਤ ਹੀ ਰਾਸ ਹੈ। ਵੱਡੇ ਸਰਮਾਏਦਾਰਾਂ ਦਾ ਲਾਣਾ ਆਪਣੀਆਂ ਪਾਰਟੀਆਂ ਰਾਹੀਂ ਪੈਸੇ ਅਤੇ ਡੰਡੇ ਦੇ ਜ਼ੋਰ ਨਾਲ ਚੋਣਾਂ ਵਿਚ ਆਪਣੇ ਹਿਮਾਇਤੀਆਂ ਨੂੰ ਜਿਤਾ ਕੇ ਆਮ ਲੋਕਾਂ ਨੂੰ ਖੁੱਡੇ ਲਾ ਕੇ ਰੱਖਦੇ ਹਨ। ਚੋਣਾਂ ਬਾਅਦ ਸਰਕਾਰ ਅਤੇ ਰਿਆਸਤ ਹਾਕਮ ਟੋਲੇ ਦਾ ਹੀ ਪੱਖ ਪੂਰਦੇ ਹਨ। ਲੋਕਾਂ ਦੀ ਕਿਸੇ ਵੀ ਫ਼ੈਸਲੇ ਵਿਚ ਕੋਈ ਰਾਏ ਨਹੀਂ ਲਈ ਜਾਂਦੀ। ਕਾਂਗਰਸ, ਭਾਜਪਾ, ਸੀ ਪੀ ਆਈ (ਐਮ) ਅਤੇ ਕਈ ਹੋਰ ਪਾਰਟੀਆਂ ਵਾਲੇ ਸਿੱਧੀ ਜਮਹੂਰੀਅਤ ਖ਼ਿਲਾਫ਼ ਦਲੀਲ ਦੇ ਰਹੇ ਹਨ ਕਿ ਆਮ ਲੋਕਾਂ ਨੂੰ ਰਾਜਤੰਤ੍ਰ ਅਤੇ ਰਿਆਸਤ ਦੇ ਕੰਮਾਂ ਬਾਰੇ ਪਤਾ ਨਹੀਂ ਹੁੰਦਾ ਇਸ ਲਈ ਉਨ੍ਹਾਂ ਦੇ ਹੱਥ ਵਿਚ ਤਾਕਤ ਅਤੇ ਪ੍ਰਭੁਤਾ ਖ਼ਤਰਨਾਕ ਹੋਵੇਗੀ। ਸਿੱਧੇ ਲੋਕਤੰਤਰ ਨੂੰ ਉਹ ਭੀੜ ਦਾ ਰਾਜ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਲਿਬਰਲ ਡੈਮੋਕਰੇਸੀ ਹੀ ਸਾਰਿਆਂ ਨਾਲੋਂ ਵਧੀਆ ਸਿਆਸੀ ਪ੍ਰਣਾਲੀ ਹੈ।

ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਇਸ ਪ੍ਰਣਾਲੀ ਨੂੰ ਚੁਨੌਤੀ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਜਿੱਤ ਅਤੇ ਦਿੱਲੀ ਵਿਚ ਸਰਕਾਰ ਬਣਾਉਣ ਬਾਰੇ ਲੋਕਾਂ ਦੀ ਰਾਏ ਲੈਣ ਨਾਲ ਇੱਕ ਨਵੀਂ ਰੀਤ ਦੀ ਸ਼ੁਰੂਆਤ ਹੋਈ ਹੈ। ਇਸ ਨਾਲ ਸਿੱਧੀ ਜਮਹੂਰੀਅਤ ਬਾਰੇ ਅਤੇ ਅਹਿਮ ਫ਼ੈਸਲਿਆਂ ਵਿਚ ਲੋਕਾਂ ਦੀ ਰਾਏ ਲੈਣ ਬਾਰੇ ਚਰਚਾ ਗਰਮ ਹੋ ਗਈ ਹੈ। ਦਿੱਲੀ ਦੀਆਂ ਚੋਣਾਂ ਅਤੇ ਆਮ ਆਦਮੀ ਪਾਰਟੀ ਦੇ ਸਟੈਂਡ ਤੋਂ ਪਹਿਲਾਂ ਇਹ ਬਹਿਸ ਅਤੇ ਸੋਚ ਕੁੱਝ ਛੋਟੇ ਦਾਇਰਿਆਂ ਤਾਈਂ ਮਹਿਦੂਦ ਸੀ। ਪਰ ਹੁਣ ਇਹ ਬਹਿਸ ਖੁੱਲ੍ਹ ਕੇ ਸਮਾਜ ਅਤੇ ਸਿਆਸਤ ਦੀ ਮੁੱਖਧਾਰਾ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ।

ਆਮ ਆਦਮੀ ਪਾਰਟੀ ਦਾ ਵਾਅਦਾ ਹੈ ਕਿ ਉਹ ਹਰ ਅਹਿਮ ਫ਼ੈਸਲਾ ਲੋਕਾਂ ਦੀ ਰਾਏ ਨਾਲ ਹੀ ਕਰੇਗੀ। ਕਾਂਗਰਸ, ਭਾਜਪਾ ਅਤੇ ਹਾਕਮ ਟੋਲੇ ਦੀਆਂ ਹੋਰ ਪਾਰਟੀਆਂ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦਾ ਮਖ਼ੌਲ ਉਡਾ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਵੀ ਉਨ੍ਹਾਂ ਵਾਂਗ ਹੀ ਆਪਣੇ ਵਾਅਦੇ ਤੇ ਨਹੀਂ ਟਿਕੇਗੀ। ਦੂਜੇ ਪਾਸੇ ਬੜੀ ਬੇਸ਼ਰਮੀ ਨਾਲ ਇਹ ਵੀ ਕਹਿ ਰਹੀਆਂ ਹਨ ਕਿ ਉਹ ਤਾਂ ਹਮੇਸ਼ਾ ਹੀ ਲੋਕਾਂ ਦੀ ਰਾਏ ਹੀ ਲੈ ਕੇ ਹਰ ਕੰਮ ਕਰਦੀਆਂ ਹਨ। ਪਰ ਲੋਕ ਸਚਾਈ ਤੋਂ ਵਾਕਫ਼ ਹਨ। ਸਿੱਧੀ ਜਮਹੂਰੀਅਤ ਬਾਰੇ ਚੱਲ ਰਹੀ ਬਹਿਸ ਲੋਕਾਂ ਦੇ ਹੱਕਾਂ ਲਈ ਚੱਲ ਰਹੇ ਘੋਲਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।

Back to top Back to Home Page